ਬਿਰਹਾ ਦਾ ਮਨੁੱਖੀ ਜੀਵਨ ਚ ਬਹੁਤ ਮਹੱਤਵਪੂਰਨ ਸਥਾਨ ਏ ।ਬਿਰਹਾ ਤੋ ਭਾਵ ਵਿਛੋੜਾ , ਵਿਛੋੜਾ ਬੇਸ਼ੱਕ ਤੰਦਰੁਸਤੀ ਦਾ ਹੋਵੇ, ਕਿਸੇ ਪ੍ਰਾਣ ਪਿਆਰੇ ਦਾ ਹੋਵੇ, ਜਾਂ ਸੰਪਤੀ ਦਾ ਹੋਵੇ , ਹਮੇਸ਼ਾਂ ਰੂਹ ਨੂੰ ਦਰਦ ਦੇਂਦਾ ਏ , ਸ਼ਾਇਦ ਜਗਾਉਂਦਾ ਏ ਇਨਸਾਨ ਨੂੰ ਗ਼ਫ਼ਲਤ ਦੀ ਨੀਂਦ ਚੋਂ, ਨਹੀਂ ਤਾਂ ਇਨਸਾਨ ਰਾਖਸ਼ ਈ ਬਣ ਜਾਵੇ , ਸੰਵੇਦਨਾ ਤੋਂ ਹੀਣਾ, ਚੰਡਾਲ , ਜਿਸਨੂੰ ਭੁੱਲ ਜਾਵੇ ਕਿ ਸਦਾ ਬੈਠ ਨਹੀ ਰਹਿਣਾ ਇਸ ਫ਼ਾਨੀ ਦੁਨੀਆਂ ਤੇ ।ਛੋਟੇ ਹੁੰਦੇ ਸੁਣਦੇ ਸੀ ਕਿ ਕੋਈ ਕਿਸੇ ਨੂੰ ਨਹੀ ਰੋਂਦਾ , ਸਭ ਆਪਣਿਆਂ ਨੂੰ ਯਾਦ ਕਰਕੇ ਰੋਂਦੇ ਨੇ , ਪਰ ਸਮਝ ਨਹੀ ਸੀ ਆਉਦੀ ਕਿ ਮਤਲਬ ਕੀ ਏ ਇਸ ਗੱਲ ਦਾ, ਪਰ ਵਕਤ ਨੇ ਸਮਝਾ ਦਿੱਤਾ , ਬਾਖੂਬੀ ।ਬਚਪਨ ਵਿੱਚ ਕੁਝ ਬਜ਼ੁਰਗ ਰੁਖ਼ਸਤ ਹੁੰਦੇ ਵੇਖੇ , ਮਨ ਵਿਚਲਿਤ ਹੋਇਆ, ਪਰ ਇਉਂ ਲੱਗਾ ਕਿ ਇਹ ਜੋ ਬਿਰਧ ਲੋਕ ਸਨ, ਹਮੇਸ਼ਾਂ ਤੋ ਬਿਰਧ ਈ ਸਨ, ਕਿਉਂਕਿ ਅਸੀ ਉਹਨਾ ਨੂੰ ਜਵਾਨੀ ਦੀ ਅਵੱਸਥਾ ਚ ਵੇਖਿਆ ਈ ਨਹੀ ਸੀ ਕਦੇ, ਵੈਸੇ ਵੀ, ਫਲ ਪੱਕ ਕੇ ਡਿੱਗੇ ਤਾਂ ਗਲਤ ਨਹੀ ਜਾਪਦਾ ,ਖ਼ੁਦ ਬਾਰੇ ਇਉਂ ਜਾਪਦਾ ਸੀ ਕਿ ਸਾਡੇ ਕੋਲ ਵਕਤ ਐ, ਕੋਈ ਤਰਕੀਬ ਲਾ ਲਵਾਂਗੇ , ਅਸੀਂ ਜਾਂ ਸਾਡੇ ਕਿਸੇ ਹਾਣੀ ਨੇ ਨਹੀ ਮਰਨਾ ਕਦੇ ਵੀ ।ਜਿੰਦਗੀ ਦੇ ਚੌਧਵੇਂ ਕੁ ਸਾਲ ਚ ਇੱਕ ਦੋਸਤ ਮਿਲਿਆ , ਜੋ ਅਸਲ ਵਿੱਚ ਵੱਡੇ ਵੀਰ ਜੀ ਦਾ ਜਮਾਤੀ ਸੀ, ਮੇਰੇ ਤੋ ਤਿੰਨ , ਚਾਰ ਸਾਲ ਵੱਡਾ । ਸੂਰਤ ਤੋ ਰੱਜ ਕੇ ਸੋਹਣਾ ਤੇ ਸੀਰਤ ਦੇ ਕਿਆ ਕਹਿਣੇ । ਨਾਮ ਵੀ ਨਿਆਰਾ ਜਿਹਾ, ਨੰਦਨਜੀਤ ।...