ਪਿਆਰੇ ਬੱਚਿਓ! ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਕਿਸੇ ਰਾਜ ਦੇ ਇੱਕ ਪਿੰਡ ਵਿੱਚ ਇੱਕ ਗ਼ਰੀਬ ਪਰਿਵਾਰ ਰਹਿੰਦਾ ਸੀ । ਪਰਿਵਾਰ ਦਾ ਮੁਖੀਆ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ । ਔਲਾਦ ਦੇ ਨਾਂਅ ‘ਤੇ ਉਸਦੇ ਘਰ ਇੱਕ ਪੁੱਤਰ ਅਤੇ ਧੀ ਸੀ ਤੇ ਦੋਵੇਂ ਹੀ ਵਿਆਹੇ ਹੋਏ ਸਨ । ਘਰ ਦਾ ਮੁਖੀਆ ਜਿੱਥੇ ਦਿਨ-ਰਾਤ ਮਿਹਨਤ ਕਰਦਾ ਸੀ, ਉੱਥੇ ਉਸਦਾ ਪੁੱਤਰ ਸਿਰੇ ਦਾ ਨਿਕੰਮਾ ਅਤੇ ਆਲਸੀ ਸੀ । ਜਦੋਂ ਦੀ ਉਸਦੀ ਸੁਰਤ ਸੰਭਲੀ ਸੀ, ਉਸਨੇ ਕਦੇ ਡੱਕਾ ਦੂਹਰਾ ਕਰਕੇ ਨਹੀਂ ਸੀ ਵੇਖਿਆ । ਉਹ ਬਿਨਾ ਨ੍ਹਾਤੇ-ਧੋਤੇ ਜੰਗਲ ਵੱਲ ਨਿੱਕਲ ਜਾਂਦਾ ਤੇ ਸਾਰੀ ਦਿਹਾੜੀ ਬੇਰੀਆਂ ਦੇ ਬੇਰ ਆਦਿ ਖਾਂਦਾ ਰਹਿੰਦਾ ਤੇ ਮੂੰਹ-ਹਨ੍ਹੇਰੇ ਹੀ ਘਰ ਵੜਦਾ । ਜਦੋਂ ਵੀ ਕਦੇ ਉਸਦਾ ਪਿਤਾ ਉਸਨੂੰ ਕੋਈ ਕੰਮ-ਧੰਦਾ ਕਰਨ ਲਈ ਕਹਿੰਦਾ ਤਾਂ ਉਹ ਘੜਿਆ-ਘੜਾਇਆ ਬੱਸ ਇੱਕੋ ਜਵਾਬ ਹੀ ਦਿੰਦਾ ਕਿ ਮੈਂ ਤਾਂ ਬਿਨਾ ਹੱਥ ਹਿਲਾਇਆਂ ਹੀ ਅਮੀਰ ਬਣਨਾ ਹੈ ।ਇੰਜ ਦਿਨ ਬਤੀਤ ਹੁੰਦੇ ਗਏ, ਪਰਿਵਾਰ ਦਾ ਮੁਖੀਆ ਇੱਕ ਦਿਨ ਅਚਾਨਕ ਅਕਾਲ ਚਲਾਣਾ ਕਰ ਗਿਆ । ਬਜ਼ੁਰਗ ਪਿਤਾ ਦੀਆਂ ਅੰਤਿਮ ਰਸਮਾਂ ਕਰਨ ਤੋਂ ਬਾਅਦ ਹੁਣ ਉਸਦੀ ਘਰ ਵਾਲੀ ਉਸਨੂੰ ਕੋਈ ਕੰਮ-ਕਾਰ ਕਰਕੇ ਪੈਸਾ ਕਮਾਕੇ ਲਿਆਉਣ ਲਈ ਕਹਿੰਦੀ, ਪ੍ਰੰਤੂ ਉਹ ਆਪਣੀ ਅੜੀ ਤੋਂ ਟੱਸ ਤੋਂ ਮੱਸ ਨਾ ਹੁੰਦਾ । ਉਸਦੀ ਘਰਵਾਲੀ ਉਸਨੂੰ ਕੰਮ ਕਰਨ ਲਈ ਕਹਿੰਦੀ ਤਾਂ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ । ਅਖੀਰ ਇੱਕ ਦਿਨ ਅਜਿਹਾ ਵੀ ਆਇਆ ਜਦੋਂ ਉਹ ਇਹ ਸੋਚ ਕੇ ਘਰੋਂ ਨਿੱਕਲ ਗਿਆ ਕਿ ਉਹ ਘਰ ਉਦੋਂ ਹ...